A place where you will get latest Punjabi Cartoons and Caricatures.

Subscribe

ਮੁੰਬਈ/ਨਵੀਂ ਦਿੱਲੀ, , (20 ਮਈ,ਪੀ.ਐਸ.ਐਨ) ਪਾਕਿਸਤਾਨ ਨੂੰ ਕੁਝ ਦਿਨ ਪਹਿਲਾਂ ਭੇਜੀ ਗਈ 50 ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਦੋ ਅਪਰਾਧੀਆਂ ਦੇ ਭਾਰਤ ਵਿਚ ਹੀ ਮਿਲਣ 'ਤੇ ਸ਼ਰਮਿੰਦਗੀ ਤੋਂ ਬਾਅਦ ਭਾਰਤ ਸਰਕਾਰ ਇਕ ਨਵੀਂ ਸੂਚੀ ਪਾਕਿਸਤਾਨ ਨੂੰ ਸੌਂਪੇਗੀ। ਸੂਤਰਾਂ ਦੇ ਹਵਾਲੇ ਨਾਲ ਮੀਡੀਆ ਵਿਚ ਆ ਰਹੀਆਂ ਖ਼ਬਰਾਂ ਮੁਤਾਬਕ ਭਾਰਤ ਜਲਦ ਹੀ ਇਹ ਸੂਚੀ ਤਿਆਰ ਕਰ ਲਵੇਗਾ ਅਤੇ ਭਾਰਤ ਵਿਚ ਪਾਏ ਗਏ ਦੋ ਅਪਰਾਧੀਆਂ ਦੇ ਬਾਰੇ ਵਿਚ ਪਾਕਿਸਤਾਨ ਸਰਕਾਰ ਨੂੰ ਜਾਣਕਾਰੀ ਦਿੱਤੀ ਜਾਵੇਗੀ। ਨਵੀਂ ਸੂਚੀ ਨੂੰ ਸੀ.ਬੀ.ਆਈ., ਐਨ.ਆਈ.ਏ. ਅਤੇ ਆਈ.ਬੀ. ਵਰਗੀਆਂ ਏਜੰਸੀਆਂ ਮਿਲ ਕੇ ਤਿਆਰ ਕਰਨਗੀਆਂ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਰਕਾਰ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਤਿਆਰ ਕੀਤੀ ਗਈ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿਚ ਹੋਈ ਗਲਤੀ ਨੂੰ ਸਵੀਕਾਰ ਕਰ ਲਿਆ ਹੈ। ਗ੍ਰਹਿ ਮੰਤਰਾਲੇ ਵਿਚ ਤਾਇਨਾਤ ਅੰਦਰੂਨੀ ਸੁਰੱਖਿਆ ਸਕੱਤਰ ਯੂ.ਕੇ. ਬਾਂਸਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੀ.ਬੀ.ਆਈ. ਵਲੋਂ ਹੋਈ ਗਲਤੀ ਨੂੰ ਮੰਨਿਆ ਅਤੇ ਕਿਹਾ ਕਿ ਜਾਂਚ ਏਜੰਸੀ ਇਸ ਦੇ ਲਈ ਜ਼ਰੂਰੀ ਕਦਮ ਉਠਾਏਗੀ। ਬਾਂਸਲ ਨੇ ਕਿਹਾ ਕਿ ਸੀ.ਬੀ.ਆਈ. ਵਲੋਂ ਤਿਆਰ ਕੀਤੀ ਗਈ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਨਵੇਂ ਸਿਰੇ ਤੋਂ ਤਿਆਰ ਕੀਤੀ ਜਾਵੇਗੀ। ਇਸ ਦੌਰਾਨ ਸੀ.ਬੀ.ਆਈ. ਨੇ ਆਪਣੀ ਵੈਬਸਾਈਟ ਤੋਂ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਨੂੰ ਹਟਾ ਲਿਆ ਹੈ। ਨਾਲ ਹੀ ਸੀ.ਬੀ.ਆਈ. ਨੇ ਰੈਡ ਕਾਰਨਰ ਨੋਟਿਸ ਦੀ ਸੂਚੀ ਨੂੰ ਵੀ ਵੈਬਸਾਈਟ ਤੋਂ ਹਟਾ ਦਿੱਤਾ। ਇਸ ਤੋਂ ਪਹਿਲਾਂ ਖ਼ੁਲਾਸਾ ਹੋਇਆ ਕਿ ਪਾਕਿਸਤਾਨ ਨੂੰ ਸੌਂਪੀ ਗਈ ਭਾਰਤ ਦੇ 50 ਮੋਸਟ ਵਾਂਟੇਡ ਭਗੌੜਿਆਂ ਦੀ ਸੂਚੀ ਦਾ ਇਕ ਅਪਰਾਧੀ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚ ਹੈ। ਇਹ ਖ਼ੁਲਾਸਾ ਹੋਣ ਤੋਂ ਬਾਅਦ ਸੀ.ਬੀ.ਆਈ. ਨੇ ਇਕ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਇਕ ਐਸ.ਪੀ. ਅਤੇ ਇਕ ਡੀ.ਐਸ. ਪੱਧਰ ਦੇ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਹੈ। ਭਾਰਤ ਦੀ ਪਾਕਿਸਤਾਨ ਨੂੰ ਸੌਂਪੀ ਗਈ ਮੋਸਟ ਵਾਂਟੇਡ ਸੂਚੀ ਵਿਚ 24ਵੇਂ ਸਥਾਨ 'ਤੇ ਫਿਰੋਜ਼ ਅਬਦੁਲ ਖ਼ਾਨ ਉਰਫ਼ ਹਮਜਾ ਦਾ ਨਾਂ ਹੈ ਜੋ 1993 ਦੇ ਮੁੰਬਈ ਵਿਸਫ਼ੋਟ ਮਾਮਲੇ ਦਾ ਦੋਸ਼ੀ ਹੈ। ਸੀ.ਬੀ.ਆਈ. ਨੇ ਉਸ ਨੂੰ ਪਿਛਲੇ ਸਾਲ ਆਪਣੀ ਹਿਰਾਸਤ ਵਿਚ ਲਿਆ ਸੀ। ਇਸ ਤੋਂ ਬਾਅਦ ਵੀ ਸੀ.ਬੀ.ਆਈ. ਨੇ 1994 ਵਿਚ ਖ਼ਾਨ ਦੇ ਖ਼ਿਲਾਫ਼ ਜਾਰੀ ਇੰਟਰਪੋਲ ਦਾ ਰੈਡ ਕਾਰਨਰ ਨੋਟਿਸ ਵਾਪਸ ਨਹੀਂ ਲਿਆ ਸੀ।

ਧੰਨਵਾਦ  ਸਹਿਤ ਪੰਜਾਬ ਸ੍ਪੇਕ੍ਟ੍ਰੁਮ ਚੋਂ
All the rights are reserved with the cartoonist Gursharanjit Singh Shinh. Any unauthorised reproduction is prohibited.